Monday, March 1, 2010

ਦਿਲ ਤੋੜ ਕੇ ਤੁਰ ਪੈਂਦਾ, ਦਿਲਦਾਰ ਜਦੋਂ ਮਰਜੀ
ਫਿਰ ਯਾਦ ਕਰੇ ਉਸਦੀ, ਬੇਜ਼ਾਰ ਜਦੋਂ ਮਰਜੀ

ਇਜ਼ਹਾਰ ਕਰੇ ਡਟ ਕੇ, ਇਕਰਾਰ ਨਹੀਂ ਕਰਦਾ,
ਉਲਫ਼ਤ ਚ ਸੁਣੋ ਉਸ ਤੋਂ, ਇਨਕਾਰ ਜਦੋਂ ਮਰਜੀ

ਵਿਸ਼ਵਾਸ਼ ਕਿਵੇਂ ਹੋਵੇ , ਕੱਲ ਫੇਰ ਮਿਲੂ ਆ ਕੇ,
ਮਹਿਬੂਬ ਜਿਵੇਂ ਕਰਦੈ, ਤਕਰਾਰ ਜਦੋਂ ਮਰਜੀ

ਖ਼ਾਮੋਸ਼ ਮੁਹੱਬਤ ਵੀ, ਤਾਂ ਯਾਰ ਸਜ਼ਾ ਹੀ ਹੈ,
ਤੂੰ ਸ਼ੋਖ ਅਦਾਵਾਂ ਦਾ , ਕਰ ਵਾਰ ਜਦੋਂ ਮਰਜੀ

ਹੈ ਸ਼ੌਕ ਅਮੀਰਾਂ ਦਾ, ਜਾਂ ਮਾਣ ਅਮੀਰੀ ਦਾ,
ਕਿਉਂ ਦੇਣ ਗਰੀਬਾਂ ਨੂੰ, ਫਿਟਕਾਰ ਜਦੋਂ ਮਰਜੀ

ਦਿਨ ਰਾਤ ਚੁਰਾ ਦੌਲਤ, ਘਰ ਬਾਰ ਭਰੇ ਨੇਤਾ,
ਚੱਲੇ ਜਾਂ ਭਲਾ ਡਿੱਗੇ, ਸਰਕਾਰ ਜਦੋਂ ਮਰਜੀ

ਨਹੀਂ ਆਪ ਅਮਲ ਕਰਦਾ, ਉਹ ਸਖਸ਼ ਅਸੂਲਾਂ ਤੇ
ਮਹਿਫਿਲ ਚ ਸੁਣੋ ਉਸ ਤੋਂ, ਪਰਚਾਰ ਜਦੋਂ ਮਰਜੀ

ਜੋ ਸੀਸ ਤਲੀ ਧਰਦੇ , ਉਹ ਦੇਣ ਇਹੀ ਹੋਕਾ,
ਕਾਤਿਲ ਨੂੰ ਕਹੋ ਪਰਖੇ, ਤਲਵਾਰ ਜਦੋਂ ਮਰਜੀ

ਨਿਰਦੋਸ਼ ਲਹੂ ਡੁੱਲੇ, ਮਜ਼ਲੂਮ ਰਹੇ ਮਰਦਾ,
ਮਗ਼ਰੂਰ ਉਠਾ ਲੈਂਦੈ, ਹਥਿਆਰ ਜਦੋਂ ਮਰਜੀ

ਇਹ ਨੈਣ ਅਸਾਡੇ ਵੀ, ਤੱਕ ਲੈਣ ਨਜ਼ਰ ਭਰ ਕੇ,
ਤੂੰ ਝਲਕ ਦਿਖਾ ਜਾਵੀਂ, ਇੱਕ ਵਾਰ ਜਦੋਂ ਮਰਜੀ

ਤਸਵੀਰ ਵਸਾ ਦਿਲ ਵਿੱਚ, ਮਹਿਬੂਬ ਦੀ ਇੰਜ ' ਮਹਿਰਮ ',
ਤੁੰ ਸੀਸ ਝੁਕਾ ਤੇ ਕਰ , ਦੀਦਾਰ ਜਦੋਂ ਮਰਜੀ

' ਮਹਿਰਮ ', ਜੀ, ਜ਼ਮਾਨੇ ਵਿੱਚ , ਇਤਬਾਰ ਰਹੂ ਕਿਸ ਤੇ,
ਇਨਸਾਨ ਜਿਵੇਂ ਬਦਲੇ , ਕਿਰਦਾਰ ਜਦੋਂ ਮਰਜੀ
ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਵੀਰਾਨ ਵੀ /
ਹੈ ਜੀਅ ਰਿਹਾ ਹਰ ਹਾਲ ਵਿੱਚ, ਕੀ ਚੀਜ਼ ਹੈ ਇਨਸਾਨ ਵੀ /

ਸੱਚ ਝੂਠ ਹੈ ਇਹ ਜ਼ਿੰਦਗੀ, ਕੰਡਾ ਵੀ, ਹੈ ਇਹ ਫੁੱਲ ਵੀ,
ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ /

ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ,
ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ /

ਹੁੰਦੇ ਕਰੀਬ ਨੇ ਉਹ ਮੇਰੇ, ਫਿਰ ਦੂਰ ਹੋ ਜਾਵਣ ਕਦੇ,
ਇੱਕ ਪਲ ਚ ਹੁੰਦੇ ਨੇ ਖਫ਼ਾ, ਇੱਕ ਪਲ ਚ ਮੇਹਰਬਾਨ ਵੀ /

ਘਰ ਵਿੱਚ ਅਕੇਲੇ ਸਖਸ਼ ਨੂੰ ਆਉਣਾ ਮਜ਼ਾ ਕੀ ਜਸ਼ਨ ਦਾ,
ਉਹ ਮੇਜ਼ਬਾਨ ਵੀ ਖ਼ੁਦ ਬਣੂ , ਖ਼ੁਦ ਹੀ ਬਣੂ ਮਹਿਮਾਨ ਵੀ /

ਬੀਤੇ ਸਮੇਂ ਨੂੰ ਯਾਦ ਜੇਕਰ , ਕਰ ਲਵਾਂ ਅਣਭੋਲ ਮੈਂ ,
ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ /

ਰੋਟੀ ਨਹੀਂ ਲੰਗਰ ਬੜੇ , ਕੱਪੜਾ ਨਹੀਂ ਫੈਸ਼ਨ ਬੜੇ ,
ਮਜ਼ਦੂਰ ਵੀ ਨੰਗਾ ਫਿਰੇ, ਭੁੱਖਾ ਮਰੇ ਕਿਰਸਾਨ ਵੀ /

ਉਸ ਨੇ ਜ਼ਮਾਨੇ ਨੂੰ ਬੜਾ ਹੀ ਚਾਰਿਆ ਹੈ ਦੋਸਤਾ ,
ਜੋ ਜਾਪਦਾ ਹੈ ਬੇਅਕਲ, ਅਣਜਾਣ ਵੀ, ਨਾਦਾਨ ਵੀ /

ਕਿੰਨਾ ਸਿਆਣਾ ਹੋ ਗਿਆ ਇਨਸਾਨ ਮੇਰੇ ਸ਼ਹਿਰ ਦਾ ,
ਰਿਸ਼ਤਾ ਵੀ ਚਾਹੁੰਦਾ ਪਾਲਣਾ , ਦੇਖੇ ਨਫ਼ਾ ਨੁਕਸਾਨ ਵੀ /

ਪੈਸਾ ਮਿਲੇ ਤਾਂ ਆਦਮੀ ਸਭ ਕੁਝ ਖਰੀਦੇ ' ਮਹਿਰਮਾ ',
ਪਹਿਚਾਨ ਵੀ, ਅਹਿਸਾਨ ਵੀ, ਸਨਮਾਨ ਵੀ, ਭਗਵਾਨ ਵੀ /
ਜੇ ਤੇਰੇ ਫੋਨ ਨਾਲ ਨਹੀ ਮੁੱਕਣੀ ਸੀ
ਤੇਰੀਆਂ ਕਾਲਾਂ ਨਾਲ ਮੁੱਕ ਜਾਣੀ ਸੀ
ਜੇ ਬੈਟਰੀ ਨਾਲ ਨਹੀਂ ਮੁੱਕਣੀ ਸੀ
ਮੈਂਮਰੀ ਕਾਰਡ ਨਾਲ ਮੁੱਕ ਜਾਣੀਂ ਸੀ
ਤੇਰੇ ਸਾਰੇ ਨੈਟਵਰਕ ਉੱਡ ਗਏ ਨੇ
ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ
ਜਿਹਦੇ ਵਿੱਚ ਤੇਰਾ ਨੰਬਰ ਪਿਆ
ਸਿਮ ਕੱਢ ਕੇ ਸੁੱਟਣਾ ਬਾਕੀ ਏ.............